21 Aug 2011

ਪੰਜਾਬੀ ਫ਼ਿਲਮੀ ਕਾਮੇਡੀ ਦਾ ਥੰਮ- ਮੇਹਰ ਮਿੱਤਲ

ਗੁਰਲਾਲ 'ਪ੍ਰਿੰਸ'ਮੇਹਰ ਮਿੱਤਲ ਪੰਜਾਬੀ ਫ਼ਿਲਮੀ ਖ਼ੇਤਰ ਦਾ ਧਰੂ ਤਾਰਾ ਹੈ। ਕੋਈ ਵੀ ਵਕਤੀ ਧੁੰਦ ਦਾ ਬੱਦਲ ਉਹਦੀ ਚਮਕ ਨੂੰ ਮੱਠੀ ਨਹੀਂ ਕਰ ਸਕਦਾ। ਫ਼ਿਲਮੀ ਕਾਮੇਡੀ ਦੇ ਖ਼ੇਤਰ ਵਿੱਚ ਜੋ ਪੈੜਾਂ ਮੇਹਰ ਮਿੱਤਲ ਨੇ ਪਾਈਆਂ ਹਨ, ਉਹ ਬਾ-ਕਮਾਲ ਨੇ। ਫ਼ਿਲਮ 'ਵਲਾਇਤੀ ਬਾਬੂ', 'ਦੋ ਮਦਾਰੀ' ਆਦਿ ਤੋਂ ਸ਼ੁਰੂ ਕਰਕੇ ਹੁਣ ਤੱਕ ਸੈਂਕੜੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹੈ ਮੇਹਰ ਮਿੱਤਲ। ਫ਼ਿਲਮ ਵਲਾਇਤੀ ਬਾਬੂ ਵਿੱਚ ਬੇਸ਼ੱਕ ਉਸਦਾ ਰੋਲ ਹੀਰੋ ਦਾ ਸੀ, ਪਰ ਅਸਲੀ ਪਛਾਣ ਉਸ ਨੂੰ ਕਾਮੇਡੀ ਨੇ ਹੀ ਦਿੱਤੀ। ਫ਼ਿਰ ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਕਿਸੇ ਫ਼ਿਲਮ ਵਿੱਚ ਦਰਸ਼ਕਾਂ ਨੂੰ ਇਹ ਪਤਾ ਲਗਦਾ ਕਿ ਇਸ ਵਿੱਚ ਮੇਹਰ ਮਿੱਤਲ ਨਹੀਂ ਹੈ ਤਾਂ ਦਰਸ਼ਕ ਉਸ ਨੂੰ ਰਿਲੀਜ਼ ਤੋਂ ਪਹਿਲਾਂ ਹੀ ਨਕਾਰ ਦਿੰਦੇ।
ਪੰਜਾਬ ਦੇ ਮਾਲਵਾ ਖ਼ਿੱਤੇ ਦੇ ਜਿਲਾ ਬਠਿੰਡਾ ਦਾ
ਜੰਮਪਲ ਮਿੱਤਲ ਪੇਸ਼ੇ ਵਜੋਂ ਵਕੀਲ ਸੀ, ਉਸ ਨੇ ਚੰਡੀਗੜ ਵਿੱਚ ਅੱਠ ਸਾਲ ਟੈਕਸ ਵਕੀਲ ਵਜੋਂ ਪ੍ਰੈਕਟਿਸ ਕੀਤੀ, ਪਰ ਉਸ ਅੰਦਰਲੇ ਕਲਾਕਾਰ ਨੇ ਉੱਸਲਵੱਟੇ ਲੈਂਦੇ ਲੈਂਦੇ ਉਸ ਨੂੰ ਪੂਰਨ ਤੌਰ ਤੇ ਅਦਾਕਾਰੀ ਦੇ ਸਪੁਰਦ ਕਰ ਦਿੱਤਾ। ਉਸ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਅਨੇਕਾ ਹਵਾਵਾਂ ਵਗੀਆਂ, ਉਤਰਾਅ – ਚੜਾਅ ਆਏ ਪਰ ਉਹ ਆਪਣੀ ਨਿਰੰਤਰ ਚਾਲੇ ਚਲਦੇ ਹੋਏ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜਦਾ ਲਗਾਤਾਰ ਦਰਸ਼ਕਾਂ ਨੂੰ ਹਸਾਉਂਦਾ ਚਲਿਆ ਆ ਰਿਹਾ ਹੈ। ਫ਼ਿਰ ਇੱਕ ਸਮਾਂ ਉਹ ਵੀ ਆਇਆ ਜਦੋਂ ਪੰਜਾਬੀ ਫ਼ਿਲਮਾਂ ਦੇ ਹੀਰੋ ਵਰਿੰਦਰ, ਹੀਰੋਇਨ ਪ੍ਰੀਤੀ ਸਪਰੂ ਅਤੇ ਮੇਹਰ ਮਿੱਤਲ ਦੀ ਤਿਕੜੀ ਕਿਸੇ ਵੀ ਪੰਜਾਬੀ ਫ਼ਿਲਮ ਦਾ ਹਿੱਟ ਫ਼ਾਰਮੂਲਾ ਬਣ ਗਈ। ਕਿੰਨੀਆਂ ਹੀ ਸੁਪਰਹਿੱਟ ਫ਼ਿਲਮਾਂ ਜਿਵੇਂ 'ਯਾਰੀ ਜੱਟ ਦੀ', 'ਬਟਵਾਰਾ', 'ਜੱਟ ਸੂਰਮੇ', 'ਨਿੰਮੋ', 'ਜੱਟ ਤੇ ਜ਼ਮੀਨ' ਆਦਿ ਇਸ ਤਿਕੜੀ ਨੇ ਦਿੱਤੀਆਂ। ਇਸੇ ਦੌਰਾਨ ਵਰਿੰਦਰ ਦੀ ਅਣਕਿਆਸੀ ਮੌਤ ਨੇ ਜਿੱਥੇ ਪੂਰੀ ਫ਼ਿਲਮ ਇੰਡਸਟਰੀ ਨੂੰ ਸੁੰਨ ਕਰ ਦਿੱਤਾ ਉੱਥੇ ਮੇਹਰ ਮਿੱਤਲ ਅਤੇ ਪ੍ਰੀਤੀ ਸਪਰੂ ਵੀ ਮਾਨਸਿਕ ਤੌਰ ਤੇ ਬੁਰੀ ਤਰਾਂ ਟੁੱਟ ਗਏ। ਮੇਹਰ ਮਿੱਤਲ ਅਨੁਸਾਰ ਵਰਿੰਦਰ ਵਰਗਾ ਪਿਆਰਾ ਮਿੱਤਰ ਖੁੱਸ ਜਾਣ ਦਾ ਘਾਟਾ ਉਹ ਕਈ ਜਨਮ ਪੂਰਾ ਨਹੀਂ ਕਰ ਸਕਦਾ। ਮੇਹਰ ਮਿੱਤਲ ਆਖਦਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਫ਼ਿਲਮਾਂ ਮੁੜ ਤੋਂ ਸੁਨਿਹਰੀ ਦੌਰ ਵਿੱਚ ਪਰਤ ਰਹੀਆਂ ਹਨ ਅਤੇ ਮਿਆਰੀ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ ਪਰ ਜੇਕਰ ਅੱਜ ਵਰਿੰਦਰ ਜਿਉਂਦਾ ਹੁੰਦਾ ਤਾਂ ਅੱਜ ਪੰਜਾਬੀ ਸਿਨੇਮੇ ਦਾ ਮੁਹਾਂਦਰਾ ਕੁੱਝ ਵੱਖਰਾ ਹੋਣਾ ਸੀ।
ਮੇਹਰ ਮਿੱਤਲ ਤੇ ਵੱਖ-ਵੱਖ ਸਮੇਂ ਦੌਰਾਨ ਦੋ ਅਰਥੀ ਸੰਵਾਦ ਬੋਲਣ ਦੇ ਦੋਸ਼ ਲਗਦੇ ਆਏ ਹਨ, ਇਸ ਦੇ ਜਵਾਬ ਵਿੱਚ ਮੇਹਰ ਮਿੱਤਲ ਆਖ਼ਦਾ ਹੈ ਕਿ ਮੈਂ ਜਾਣ ਬੁੱਝ ਕੇ ਕਦੇ ਵੀ ਅਸ਼ਲੀਲ ਜਾਂ ਦੋ-ਅਰਥੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ, (ਹੱਸ ਕੇ) ਬਾਕੀ ਪੰਜਾਬੀ ਭਾਸ਼ਾ ਹੀ ਅਜਿਹੀ ਹੈ ਗੱਲ ਨੂੰ ਜਿੱਧਰ ਮਰਜ਼ੀ ਮੋੜ ਲਵੋ, ਇਹ ਸੋਚਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰਾਂ ਦੀ ਸੋਚ ਰਖਦਾ ਹੈ।
ਮਿਹਰ ਮਿੱਤਲ ਦੀ ਅਦਾਕਾਰੀ ਵਾਲੀਆਂ ਫ਼ਿਲਮਾਂ 'ਚੋਂ 'ਬਾਬੁਲ ਦਾ ਵਿਹੜਾ'(1983), 'ਭੁਲੇਖਾ'(1986), 'ਪੁੱਤ ਜੱਟਾਂ ਦੇ'(1981), ਆਦਿ ਅਜਿਹੀਆਂ ਫ਼ਿਲਮਾਂ ਹਨ ਜਿਹਨਾਂ ਨੂੰ ਦਰਸ਼ਕ ਸਦੀਆਂ ਤੀਕ ਯਾਦ ਰੱਖਣਗੇ। ਇਸ ਤੋਂ ਇਲਾਵਾ ਉਸ ਨੇ 'ਕੁਰਬਾਨੀ ਜੱਟ ਦੀ'(1994) ਵਿੱਚ ਵਿੱਚ ਧਰਮਿੰਦਰ ਅਤੇ ਗੁਰਦਾਸ ਮਾਨ ਨਾਲ ਵੀ ਕੰਮ ਕੀਤਾ, ਜਿਸ ਦੀ ਨਿਰਮਾਤਾ ਪ੍ਰੀਤੀ ਸਪਰੂ ਸੀ। ਮੇਹਰ ਮਿੱਤਲ ਨੇ ਦੋ ਫ਼ਿਲਮਾਂ 'ਅੰਬੇ ਮਾਂ ਜਗਦੰਬੇ ਮਾਂ' ਅਤੇ 'ਵਲਾਇਤੀ ਬਾਬੂ' ਪ੍ਰੋਡੀਊਸ ਵੀ ਕੀਤੀਆਂ।
ਮੇਹਰ ਮਿੱਤਲ ਨੂੰ ਦਾਦਾ ਸਾਹਿਬ ਫ਼ਾਲਕੇ ਜੈਯੰਤੀ ਮੌਕੇ 'ਦਾਦਾ ਸਾਹਿਬ ਫ਼ਾਲਕੇ ਅਕੈਡਮੀ ਐਵਾਰਡ ਵੀ ਪ੍ਰਦਾਨ ਪ੍ਰਦਾਨ ਕੀਤਾ ਗਿਆ, ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ-ਸਮੇਂ ਤੇ ਪੰਜਾਬੀ ਸੱਭਿਆਚਾਰ ਅਤੇ ਕਲਾਕਾਰਾਂ ਨੂੰ ਸੰਭਾਲਣ ਦਾ ਢਿੰਡੋਰਾ ਪਿੱਟਣ ਵਾਲੀਆਂ ਪੰਜਾਬ ਦੀਆਂ ਸਰਕਾਰਾਂ (ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ) ਨੇ ਪੰਜਾਬ ਦੇ ਇਸ ਹੀਰੇ, ਜਿਸ ਨੇ ਆਪਣੀ ਕਲਾ ਨਾਲ ਦੁਨੀਆ ਭਰ ਵਿਚ ਪੰਜਾਬ ਦਾ ਨਾਂ ਚਮਕਾਇਆ ਹੈ, ਬਾਰੇ ਕੁਝ ਨਹੀਂ ਸੋਚਿਆ ਅਤੇ ਨਾਂ ਹੀ ਉਸ ਕਿਸੇ ਵੱਡੇ ਪ੍ਰੋਗਰਾਮ ਵਿੱਚ ਪੰਜਾਬ ਬੁਲਾ ਕੇ ਉਸ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਖ਼ੇਚਲ ਕੀਤੀ ਹੈ।
ਭਵਿੱਖ ਵਿੱਚ ਫ਼ਿਲਮਾਂ ਕਰਨ ਬਾਰੇ ਮੇਹਰ ਮਿੱਤਲ ਦਾ ਆਖਣਾ ਹੈ ਕਿ ਹੁਣ ਉਸਦੀ ਉਮਰ ਦਰਖ਼ਤਾਂ ਦੁਆਲੇ ਨੱਚਣ ਜਾਂ ਕੁੜੀਆ ਛੇੜਨ ਦੀ ਨਹੀਂ ਰਹੀ, ਹਾਂ ਜੇਕਰ ਢੁੱਕਵਾਂ ਰੋਲ ਮਿਲਦਾ ਹੈ ਤਾਂ ਉਹ ਜ਼ਰੂਰ ਕਰੇਗਾ। ਮੇਹਰ ਮਿੱਤਲ ਅੱਜਕਲ ਮੁੰਬਈ ਵਿਖੇ ਆਪਣੀ ਸਫ਼ਲਤਾ ਦਾ ਆਨੰਦ ਮਾਣ ਰਿਹਾ ਹੈ ਅਤੇ ਜਦੋਂ ਸ਼ੋਰ-ਸ਼ਰਾਬੇ ਭਰੇ ਮਾਹੌਲ ਤੋਂ ਮਨ ਉਕਤਾ ਜਾਂਦਾ ਹੈ ਤਾਂ ਉਹ ਪੰਜਾਬ ਫ਼ੇਰੀ ਜ਼ਰੂਰ ਲਗਾਉਂਦਾ ਹੈ। ਪੰਜਾਬੀਆਂ ਦੇ ਇਹ ਹੀਰਾ ਕਲਾਕਾਰ ਇਸੇ ਤਰਾਂ ਆਪਣੀ ਕਲਾ ਨਾਲ ਪੰਜਾਬੀਆਂ ਦੇ ਚਿਹਰੇ ਰੁਸ਼ਨਾਉਂਦਾ ਰਹੇ, ਹਸਾਉਂਦਾ ਰਹੇ ਅਤੇ ਲੰਬੀਆਂ ਉਮਰਾਂ ਮਾਣੇ, ਸਾਡੀ ਦਿਲੀ ਦੁਆ ਹੈ, ਆਮੀਨ।
ਮੋਬਾ: 98764-00552

No comments:

Post a Comment